ਰਸ ਸੰਪਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ਿੰਗਾਰ ਰਸ ਲਈ ਅਭਿਨੈ ਕਰ ਰਿਹਾ ਇੱਕ ਅਭਿਨੇਤਾ

ਭਾਰਤੀ ਕਾਵਿ ਸ਼ਾਸਤਰ ਵਿਚ ਅਨੇਕਾਂ ਮੱਤ ਜਾਂ ਵਾਦ ਚੱਲਦੇ ਰਹੇ ਹਨ ਜਿਸ ਨੂੰ ਕਾਵਿ ਸ਼ਾਸਤਰ ਦੀਆਂ ਸੰਪ੍ਰਦਾਵਾਂ ਮੰਨਿਆਂ ਜਾਦਾਂ ਹੈ । ਇੰਨਾਂ ਸੰਪ੍ਰਦਾਵਾਂ ਦੀ ਸਥਾਪਨਾ ਕਾਵਿ ਦੀ ਆਤਮਾ ਰੂਪ ਤੱਤ ਦੇ ਸੰਬੰਧ ਵਿਚ ਮੱਤ ਭੇਦਾਂ ਦੇ ਕਾਰਣ ਹੋਈ ਹੈ।[1]

ਰਸ ਸੰਪ੍ਰਦਾਇ[ਸੋਧੋ]

ਰਸ ਸੰਪ੍ਰਦਾਇ ਦਾ ਮੋਢੀ ਸੰਸਥਾਪਕ ਆਚਾਰੀਆ ਭਰਤਮੁਨੀ ਹੈ ਪਰ ਕਾਵਿ ਮੀਮਾਂਸਾ ਵਿਚ ਰਾਜਸ਼ੇਖਰ ਨੇ ਨੰਦਿਕੇਸ਼ਵਰ ਨੂੰ ਭਰਤਮੁਨੀ ਤੋਂ ਪਹਿਲਾਂ ਰਸ ਸੰਪ੍ਰਦਾਇ ਦਾ ਮੋਢੀ ਮੰਨਿਆਂ ਹੈ ਪਰੰਤੂ ਰਸ ਸੰਪ੍ਰਦਾਇ ਬਾਰੇ ਨੰਦਿਕੇਸ਼ਵਰ ਦੀ ਕੋਈ ਪੁਸਤਕ ਨਹੀ ਮਿਲਦੀ । ਇਸ ਲਈ ਰਸ ਸੰਪ੍ਰਦਾਇ ਦਾ ਮੋਢੀ ਭਰਤਮੁਨੀ ਨੂੰ ਮੰਨਿਆਂ ਜਾਦਾਂ ਹੈ । ਇੰਨਾਂ ਦਾ ਰਸ ਸੰਪ੍ਰਦਾਇ ਨਾਲ ਸੰਬੰਧਿਤ ਪ੍ਰਸਿੱਧ ਗ੍ਰੰਥ ਨਾਟਯ ਸ਼ਾਸਤਰ ਹੈ । ਉਸ ਦੇ ਇਸ ਗ੍ਰੰਥ ਨਾਲ ਹੀ ਰਸ ਸੰਪ੍ਰਦਾਇ ਦੀ ਨੀਂਹ ਰੱਖੀ ਗਈ।

ਰਸ ਅਤੇ ਕਾਵਿ ਰਸ ਦਾ ਅਰਥ[ਸੋਧੋ]

ਰਸ ਦਾ ਸਰਲ ਅਰਥ ਹੈ ਤਰਲ ਜਾਂ ਦ੍ਰਵ । ਪਰ ਇਹ ਕੋਈ ਲੌਕਿਕ ( ਜਿਵੇਂ ਹੰਝੂ ਪਸੀਨਾ ) ਵਸਤੂ ਦੇ ਵਿਚੋਂ ਨਿਕਲਣ ਵਾਲਾ ਰਸ ਨਹੀਂ । ਵਸਤੂ ਸੰਸਾਰ ਦੀਆਂ ਵਸਤਾਂ ਵਿਚੋਂ ਰਸ ਨਿਕਲਦਾ ਹੈ । ਪਰ ਇਹ ਲੌਕਿਕ ਜਾਂ ਸਾਧਾਰਨ ਰਸ ਹੈ । ਮਨੁੱਖੀ ਸਰੀਰ ਵਿਚੋਂ ਨਿਕਲਣ ਵਾਲੇ ਹੰਝੂ ਜਾਂ ਪਸੀਨਾ ਵੀ ਲੌਕਿਕ ਜਾਂ ਬਾਹਰੀ ਰਸ ਹੈ । ਕਿਸੇ ਪ੍ਰਬੰਧ ਕਾਵਿ ਜਾਂ ਲੰਮੀ ਕਵਿਤਾ ਦੇ ਕਰੁਣਾਮਈ ਪ੍ਰਸੰਗਾਂ ਨੂੰ ਪੜ੍ਹ ਸੁਣ ਕੇ ਜਾਂ ਕਿਸੇ ਛੋਟੀ ਬੜੀ ਕਵਿਤਾ ਦੀਆ ਭਾਵ ਪੂਰਨ ਅਤੇ ਸੋਹਣੀਆਂ ਪੰਗਤੀਆ ਨੂੰ ਗੁਣਗਣਾਉਣ ਉਤੇ ਮਨ ਨੂੰ ਜੋ ਸਕੂਨ ਜਾਂ ਸੁਖ ਮਿਲਦਾ ਹੈ ਉਸ ਲਈ ਭਾਰਤੀ ਕਾਵਿ ਸ਼ਾਸਤਰ ਵਿਚ ਰਸ ਸ਼ਬਦ ਦਾ ਪ੍ਰੋਯਗ ਹੁੰਦਾ ਆਇਆ ਹੈ ਅਤੇ ਅਜਿਹੇ ਰਸ ਪ੍ਰਧਾਨ ਕਾਵਿ ਨੂੰ ਉਤੱਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ।[2] ਰਸ ਦੇ ਸੰਬੰਧ ਵਿਚ ਵੱਖ ਵੱਖ ਆਚਾਰੀਆ ਨੇ ਆਪਣੇ ਵੱਖ ਵੱਖ ਵਿਚਾਰ ਪੇਸ਼ ਕੀਤੇ ਹਨ ਜਿਨ੍ਹਾਂ ਵਿਚੋ ਲੋਲਟ , ਸ਼ੰਕਕ , ਭੱਟ ਨਾਇਕ , ਅਭਿਨਵ ਗੁਪਤ ਪ੍ਰਮੁੱਖ ਹਨ । ਭਰਤਮੁਨੀ ਅਨੁਸਾਰ ਜਿਸ ਰਸ ਦੀ ਗੱਲ ਕਰਦਾ ਹੈ ਉਹ ਮਨੁੱਖ ਦੇ ਅੰਦਰ ਵਾਪਰਨ ਵਾਲੀ ਕਿਰਿਆ ਹੈ ਜਿਵੇਂ ਰਸਿਕ ਲੋਕ ਤਰ੍ਹਾਂ ਤਰ੍ਹਾਂ ਦੇ ਅੰਨ ਪਦਾਰਥਾਂ ਨੂੰ ਚਬਾਂਦੇ ਹੋਏ ਰਸਾਂ ਦਾ ਮਜਾਂ ਲੈਂਦੇ ਹਨ ਤਿਵੇ ਦਰਸ਼ਕ ਲੋਕ ਤਰ੍ਹਾਂ ਤਰ੍ਹਾਂ ਦੇ ਭਾਵਾਂ ਦੀ ਐਕਟਿੰਗ ਤੋਂ ਪ੍ਰਗਟਾਏ ਤੱਥ ਬਾਣੀ ਅੰਗ ਨਾਲ ਮਿਲੇ ਹੋਏ ਸਥਾਈ ਭਾਵਾਂ ਦਾ ਸਵਾਦ ਪ੍ਰਾਪਤ ਕਰਦੇ ਹਨ । ਲੋਲਟ ਭਰਤਮੁਨੀ ਅਨੁਸਾਰ ਰਸ ਨੂੰ ਸ਼ਬਦਾਰਥਾਂ ਦਾ ਅੰਗ ਨਾ ਮੰਨ ਕੇ ਉਸ ਦੀ ਜਗ੍ਹਾਂ ਮਨੁੱਖ ਦੇ ਭਾਵਾਂ ਦੇ ਬਦਲੇ ਰੂਪ ਨੂੰ ਸਵੀਕਾਰ ਕੀਤਾ ਹੈ । ਭਾਮਹ ਰਸ ਸਿਧਾਂਤ ਦਾ ਪਹਿਲਾਂ ਵਿਰੋਧੀ ਆਚਾਰੀਆ ਸੀ । ਉਨ੍ਹਾਂ ਨੇ ਰਸ ਨੂੰ ਅਲੰਕਾਰ ਵਿਚ ਹੀ ਸਮੋਂ ਦਿਤਾ ਸੀ ਉਹ ਅਲੰਕਾਰ ਦਾ ਸਾਧਨ ਰਸ ਨੂੰ ਮੰਨਦੇ ਹਨ । ਵਾਮਨ ਦੇ ਮੱਤ ਅਨੁਸਾਰ ਕਾਵਿ ਦੀ ਸ਼ੋਭਾ ਹੈ ਰੀਤਿ । ਰੀਤਿ ਦੇ ਮੁਲ ਤੱਤ ਹਨ ਗੁਣ । ਗੁਣਾਂ ਵਿਚੋਂ ਇਕ ਗੁਣ ਦਾ ਸ਼ੋਭਾ ਵਧਾਉਣ ਵਾਲਾ ਲੱਛਣ ਹੈ ਰਸ ।

ਰਸ ਦੀ ਉਤਪਤੀ ਜਾਂ ਨਿਸ਼ਪਤਿ[ਸੋਧੋ]

ਰਸ ਨਿਸ਼ਪਤਿ ਭਾਰਤੀ ਕਾਵਿ ਸ਼ਾਸਤਰ ਦਾ ਅਤਿ ਮਹੱਤਵਪੂਰਨ ਵਿਸ਼ਾ ਹੈ ਭਰਤਮੁਨੀ ਨੇ ਮੂਲ ਰੂਪ ਵਿਚ ਰਸ ਦੇ ਸਰੂਪ ਦੀ ਨਹੀਂ ਸਗੋਂ ਰਸ ਦੀ ਬਣਤਰ ਦੀ ਹੀ ਵਿਆਖਿਆ ਕੀਤੀ ਹੈ ਜਿਵੇਂ ਵਿਭਾਵਾਨੂਭਾਵਵਾਯੁਭਿਚਾਰਿ ਸੰਯੋਗਾਦ੍ਰਨਸ੍ਰਿਪੱਤਿ । ਅਰਥਾਤ ਵਿਭਾਵ , ਅਨੁਭਾਵ ਅਤੇ ਵਯਭਿਚਾਰੀ ਭਾਵਾਂ ਦੇ ਸੁਮੇਲ ਨਾਲ ਰਸ ਦੀ ਨਿਸ਼ਪਤਿ ਹੁੰਦੀ ਹੈ ਵਿਭਾਵ ਜਿਨ੍ਹਾਂ ਕਾਰਨਾਂ ਕਰਕੇ ਰਸ ਦੀ ਅਨੁਭੂਤੀ ਉਹਨਾਂ ਕਾਰਨਾਂ ਨੂੰ ਵਿਭਾਵ ਕਿਹਾ ਜਾਦਾਂ ਹੈ ਸਾਹਿਤਯ ਦਰਪਣ ਦੇ ਕਰਤਾ ਨੇ ਵਿਭਾਵ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ ਜੋ ਸੰਸਾਰ ਵਿਚ ਰਤੀ ਆਦਿ ਜਗਾਉਣ ਨਾਲੇ ਹਨ ਉਹੀ ਕਾਵਿ ਅਤੇ ਨਾਟਕ ਵਿਚ ਵਿਭਾਵ ਕਹੇ ਜਾਦੇਂ ਹਨ । ਵਿਭਾਵ ਦੋ ਪ੍ਰਕਾਰ ਦੇ ਹੁੰਦੇ ਹਨ ਆਲੰਬਨ ਅਤੇ ਉਦੀਪਨ ਵਿਭਾਵ । ਅਨੁਭਾਵ ਆਲੰਬਨ ਉਦੀਪਨ ਆਦਿ ਕਾਰਨਾਂ ਤੋਂ ਉਤਪੰਨ ਕਾਵਿ ਦੇ ਅੰਤਰਗਤ ਵਿਭਿੰਨ ਬਾਹਰੀ ਕਾਰਜਾਂ ਨੂੰ ਅਨੁਭਾਵ ਕਿਹਾ ਜਾਦਾਂ ਹੈ । ਸੰਚਾਰੀ ਭਾਵ ਇਹ ਅਟਿਕਵੇਂ ਭਾਵ ਸੰਚਾਰਸ਼ੀਲ ਹੁੰਦੇ ਹਨ ਇਨ੍ਹਾਂ ਨੂੰ ਵਿਭਚਾਰੀ ਭਾਵ ਵੀ ਕਿਹਾ ਜਾਦਾਂ ਹੈ ਆਚਾਰੀਆ ਵਿਸ਼ਵਨਾਥ ਅਨੁਸਾਰ ਸੰਚਾਰੀ ਭਾਵ ਇਹ ਹਨ ਗਿਲਾਨੀ ,ਮਦ ,ਸ਼੍ਰਮ ,ਆਲਸ, ਨਿਰਵੇਦ ,ਆਵੇਗ,ਦੀਨਤਾ , ਉਤਸੁਕਤਾ , ਹਰਸ਼, ਵਿਸਾਦ , ਗਰਵ , ਮਰਨ , ਵਿਬੋਧ , ਮੋਹ , ਸੁਫਨਾ , ਉਗਰਤਾ , ਤ੍ਰਾਸ , ਅਸੂਯਾ , ਧ੍ਰਿਤੀ , ਮਤੀ , ਤਰਕ , ਚਿੰਤਾ , ਚਪਲਤਾ , ਅਪਸਮਾਰ , ਵਿਆਧੀ , ਸ਼ੰਕਾ , ਨਿਦ੍ਰਾ, ਆਦਿ । ਸਥਾਈ ਭਾਵ ਸੁਹਿਰਦ ਹਿਰਦੇ ਵਿਚ ਜੋਂ ਮਨੋ ਵਿਕਾਰ ਵਾਸਨਾ ਰੂਪ ਵਿਚ ਮੌਜੂਦ ਰਹਿੰਦੇ ਹਨ ਜੋ ਭਾਵ ਅਭਿਵਿਅਕਤ ਹੋਣ ਤੋਂ ਬਾਦ ਰਸ ਰੂਪ ਵਿਚ ਰੂਪਾਂਤਰਿਤ ਹੋ ਜਾਂਦੇ ਹਨ ਅਤੇ ਅਚੇਤ ਰੂਪ ਵਿਚ ਸਦਾ ਮੌਜੂਦ ਰਹਿੰਦੇ ਹਨ ਉਹਨਾਂ ਨੂੰ ਸਥਾਈ ਭਾਵ ਰਹਿੰਦੇ ਹਨ । ਸਥਾਈ ਭਾਵਾਂ ਦੀ ਗਿਣਤੀ 11 ਮੰਨੀ ਹੈ ਜੋ ਇਸ ਪ੍ਰਕਾਰ ਹਨ ਰਤੀ , ਹਾਸ , ਸ਼ੋਕ , ਕਰੋਧ, ਉਤਸ਼ਾਹ , ਭੈ , ਘ੍ਰਿਣਾ , ਵਿਸਮੈ , ਵਤਸਲਤਾ, ਨਿਰਵੇਦ, ਭੁਕਤੀ।[3][4]

ਸਾਧਾਰਣੀਕਰਣ[ਸੋਧੋ]

ਰਸ ਨਿਸ਼ਪਤਿ ਦੇ ਪ੍ਰੰਸਗ ਵਿਚ ਸਾਧਾਰਣੀਕਰਣ ਦਾ ਸਿਧਾਂਤ ਸੰਸਕ੍ਰਿਤ ਕਾਵਿ ਸ਼ਾਸਤਰ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ ਇਸ ਵਿਚ ਕਲਾ ਦੀ ਸੁਹਜ ਸੰਬੰਧੀ ਵਿਚਾਰਾਂ ਦਾ ਮਨੋਵਿਗਿਆਨਿਕ ਆਧਾਰ ਪੇਸ਼ ਕੀਤਾ ਗਿਆ ਹੈ । ਸਾਧਾਰਣੀਕਰਣ ਦਾ ਸ਼ਾਬਦਿਕ ਅਰਥ ਸਾਧਾਰਨ ਹੋਣਾ, ਆਸਾਧਾਰਨ ਨੂੰ ਸਾਧਾਰਨ ਬਣਾਉਣਾ , ਵਿਸ਼ੇਸ ਨਾ ਹੋ ਕੇ ਨਿਰਵਿਸ਼ੇਸ ਬਣਾਉਣ ਦੇ ਕਾਰਜ ਨੂੰ ਸਾਧਾਰਣੀਕਰਣ ਕਿਹਾ ਜਾਂਦਾ ਹੈ ਸਾਧਾਰਣੀਕਰਣ ਇਕ ਤਰ੍ਹਾਂ ਦਾ ਰੂਪਾਂਤਰਣ ਹੈ ਜੋ ਸ਼ਬਦ ਕਲਾ ਦੀ ਦੁਨੀਆਂ ਵਿਚ ਬਿਗਾਨੇ ਨੂੰ ਆਪਣਾ ਬਣਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਹੈ ਕਵਿਤਾ ਸੁਣ ਰਿਹਾ ਸਰੋਤਾਂ ਇਸ ਤਰ੍ਹਾਂ ਰਸ ਮਗਨ ਹੋ ਜਾਂਦਾ ਹੈ ਕਿ ਉਹ ਕਵੀ ਨਾਲ ਬਿਨ ਪੁਛਿਆ ਭਾਵ ਨਾਤਮਕ ਸਾਂਝ ਤੇ ਰਿਸ਼ਤਾ ਕਾਇਮ ਕਰ ਲੈਂਦਾ ਹੈ।[5]

ਰਸ ਦੇ ਪ੍ਰਕਾਰ[6][ਸੋਧੋ]

ਸ਼ਿੰਗਾਰ ਰਸ[ਸੋਧੋ]

ਸ਼ਿੰਗਾਰ ਰਸ ਜਦੋਂ ਰਤੀ ਜਾਂ ਪ੍ਰੇਮ ਦਾ ਅਨੁਭਵ ਸੁਹਜਾਤਮਕ ਤਰੀਕੇ ਨਾਲ ਹੁੰਦਾ ਹੈ ਤਾਂ ਉਸ ਨੂੰ ਅਸੀਂ ਸ਼ਿੰਗਾਰ ਰਸ ਆਖਦੇ ਹਾਂ । ਸ਼ਿੰਗਾਰ ਰਸ ਦਾ ਸਥਾਈ ਭਾਵ ਰਤੀ ਹੈ । ਸ਼ਿੰਗਾਰ ਰਸ ਦੇ ਦੋਂ ਭੇਦ ਮੰਨੇ ਜਾਂਦੇ ਹਨ ਸੰਯੋਗ ਅਤੇ ਵਿਯੋਗ। ਜਿਵੇਂ ਕਿ

ਝੁਰਮਟ ਬੋਲੇ ਝੁਰਮਟ ਬੋਲੇ
ਬੋਲੇ ਕਾਲੇ ਬਾਗੀ
ਜੀਕਣ ਡਾਰ ਕੂੰਜਾਂ ਦੀ ਬੈਠੀ
ਰੁਦਨ ਕਰੇਂਦੀ ਢਾਬੀਂ
ਵੀਰ ਤੇਰੇਂ ਬਿਨ ਨੀਂਦ ਨਾਂ ਆਵੇ
ਜਾਗੀ ਨਣਦੇ ਜਾਗੀ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਹਾਏ ਓਏ ਰਾਤਾਂ ਕਾਲੀਆਂ

ਹਾਸ ਰਸ[ਸੋਧੋ]

ਸੁਹਿਰਦ ਵਿਅਕਤੀ ਦੇ ਚਿੱਤ ਵਿਚ ਮੌਜੂਦ ਹਾਸ ਸਥਾਈ ਭਾਵ ਵਿਭਾਵ ਆਦਿ ਰਾਹੀਂ ਵਿਅਕਤ ਹੋ ਕੇ ਹਾਸ ਰਸ ਦੀ ਅਨੁਭੂਤੀ ਕਰਾਉਂਦਾ ਹੈ । ਹਾਸ ਰਸ ਦੇ ਸਥਾਈ ਭਾਵ ਹੁੰਦਾ ਹੈ । ਵਿਗੜੀ ਸੂਰਤ , ਪਹਿਰਾਵਾਂ , ਬੋਲ ਚਾਲ ਅਤੇ ਵਿਲੱਖਣ ਹਰਕਤਾਂ ਆਦਿ ਤੋਂ ਹਾਸੇ ਦੀ ਉਤਪੱਤੀ ਹੁੰਦੀ ਹੈ ਜਿਵੇਂ ਕਿ

ਮੈਡਮ ਕਿ ਆਖਾਂ ਤੈਨੂੰ ਕਿਵੇਂ ਆਖਾਂ
ਅੱਜ ਆਖਣੇ ਦੀ ਪੈ ਗਈ ਲੋੜ ਹੀਰੇ
ਫ਼ਸਟ ਏਡ ਦੀ ਥਾਂ ਤੂੰ ਰੇਡ ਕੀਤਾ
ਸਾਡਾ ਹਿੱਲਿਆ ਏ ਜੋੜ ਜੋੜ ਹੀਰੇ
ਜੇ ਤੂੰ ਖੇੜਿਆਂ ਬਾਝ ਨਹੀਂ ਰਹਿ ਸਕਦੀ
ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ

ਕਰੁਣਾ ਰਸ[ਸੋਧੋ]

ਕਿਸੇ ਅਣਇਛਿੱਤ ਚੀਜ਼ ਦਾ ਨੁਕਸਾਨ ਹੋਣ ਤੇ ਕਿਸੇ ਅਣਇਛਿੱਤ ਚੀਜ਼ ਦੀ ਪ੍ਰਾਪਤੀ ਹੋ ਜਾਣ ਤੇ ਮਨ ਦੀ ਸ਼ੋਕ ਵਾਲੀ ਅਵਸਥਾ ਉਪਜੇ ਉਹ ਕਰੁਣਾ ਰਸ ਹੁੰਦੇ ਹੈ । ਕਰੁਣਾ ਰਸ ਦਾ ਸਥਾਈ ਭਾਵ ਸ਼ੋਕ ਹੈ ਜਿਵੇਂ ਕਿ

ਬਿਰਲੇ ਟਾਟੇ , ਦਾਲਮੀਏ ਨੇ
ਰਲ ਕੇ ਏਕਾ ਕੀਤਾ
ਵੱਡੇ ਵੱਡੇ ਅਖਬਾਰਾਂ ਨੂੰ
ਕੁਝ ਦੇ ਕੇ ਮੁੱਲ ਲੈ ਲੀਤਾ
ਧਨ ਵੀ ਆਪਣਾ , ਪ੍ਰੈਸ ਭੀ ਆਪਣਾ
ਬਾਕੀ ਰਹਿ ਗਏ ਕਾਮੇ

ਰੌਦ੍ਰ ਰਸ[ਸੋਧੋ]

ਜਦੇਂ ਦੁਸ਼ਮਣ ਨੂੰ ਦੇਖ ਕੇ ਹਿਰਦੇ ਵਿਚ ਬਦਲੇ ਦੀ ਭਾਵਨਾ ਉਤਪੰਨ ਹੁੰਦੀ ਹੈ ਤਾਂ ਉਸ ਨੂੰ ਰੌਦ੍ਰ ਰਸ ਕਿਹਾ ਜਾਂਦਾ ਹੈ । ਇਸ ਦਾ ਸਥਾਈ ਭਾਵ ਕ੍ਰੋਧ ਹੈ । ਜਿਵੇਂ ਕਿ

ਆਕਿਲ ਤੁਬਕ ਵਜੁੱਤੀਆ, ਭਰ ਵਜਨ ਸੰਭਾਲੀ
ਉਹਨੂੰ ਢਾਢ ਅਲੰਬੇ ਆਸਤੋ ਭੁੱਖ ਭੱਤੇ ਜਾਲੀ
ਉਹਦਾ ਕੜਕ ਪਿਆਲਾ ਉਠਿਆ, ਭੰਨ ਗਈ ਹੈ ਨਾਲੀ
ਉਸ ਦੂਰੋ ਡਿੱਠਾ ਆਂਵਦਾਂ ਫਿਰ ਸ਼ਾਹ ਗਿਜ਼ਾਲੀ

ਬੀਭਤਸ ਰਸ[ਸੋਧੋ]

ਜਿਥੇ ਘਿਨੌਣੀ ਵਸਤੂ ਦੇ ਦੇਖਣ ਨਾਲ ਪੈਦਾ ਹੋਣ ਵਾਲੀ ਘ੍ਰਿਣਾ ਨੂੰ ਜਗੁਸਪਾ ਕਿਹਾ ਜਾਂਦਾ ਹੈ । ਘਿਨੌਣੀ ਵਸਤੂ ਦੇ ਦੇਖਣ ਨਾਲ ਜਾਂ ਉਸ ਬਾਰੇ ਸੁਣਨ ਨਾਲ ਜਿਥੇ ਜਗੁਸਪਾ ਭਾਵ ਉਤਪੁੰਨ ਹੋਵੇ ਉਸਨੂੰ ਬੀਭਤਸ ਰਸ ਕਿਹਾ ਜਾਂਦਾ ਹੈ ਜਿਵੇਂ ਕਿ

ਜਿਧਰ ਜਾਵੇ ਨਜਰ ਤਬਾਹੀ ਮਚੀ
ਕਹਾਣੀ ਰਹੀ ਹੈ ਲਹੂ ਮਿੱਝ ਦੀ
ਕਿਤੇ ਮਗਜ ਖੋਪੜ ਵਿਚੋ ਵਹਿ ਰਹਿਆ
ਗਈਆਂ ਟੁੱਟ ਮਟਕਾ , ਦਹੀ ਹੈ ਵਹਿਆ
ਕਿਤੇ ਧੌਣ ਵਿਚੋ ਫੁਹਾਰਾ ਫਟੇ
ਕਿਤੇ ਮਗਜ਼ ਪਈ ਟੁੱਟੇ

ਅਦਭੁਤ ਰਸ[ਸੋਧੋ]

ਜਦੋਂ ਕਿਸੇ ਅਨੋਖੀ ਵਸਤੂ ਦੇ ਦੇਖਣ ਅਤੇ ਸੁਣਨ ਉਪਰੰਤ ਅਸਚਰਜਤਾ ਦੇ ਭਾਵ ਉਤਪੁੰਨ ਹੋਣ ਤਾਂ ਉਹ ਅਦਭੁਤ ਰਸ ਹੁੰਦਾ ਹੈ । ਅਦਭੁਤ ਰਸ ਦਾ ਸਥਾਈ ਭਾਵ ਵਿਸਮੈ ਹੈ। ਜਿਵੇਂ

 
ਨੀਲੇ ਨਭ ਦਾ ਨੀਲ ਪੰਘੂੜਾ
ਝੁਲੇ ਝੂਲਣ ਤਾਰੇ
ਸੌਦੇਂ ਜਾਂਦੇ ਦਹਿੰਦੇ ਜਾਂਦੇ
ਚੁੰਮਾਂ ਚੁੰਮੇ ਠਾਰੇ

ਭਿਆਨਕ ਰਸ[ਸੋਧੋ]

ਕਿਸੇ ਡਰਾਉਣੀ ਚੀਜ਼ ਨੂੰ ਦੇਖ ਕੇ ਉਸ ਬਾਰੇ ਸੁਣ ਕੇ ਮਨ ਵਿਚ ਜੋਂ ਭਾਵ ਉਤਪੁੰਨ ਹੁੰਦੇ ਹਨ ਉਹ ਭੈਅ ਹੁੰਦਾ ਹੈ ਅਤੇ ਉਸ ਸਮੇਂ ਜੋਂ ਅਵਸਥਾ ਹੁੰਦੀ ਹੈ ਉਹ ਭਿਆਨਕ ਰਸ ਹੈ ਜਿਵੇਂ

ਦੋਹੀ ਦਲੀ ਮੁਕਾਬਲੇ , ਰਣ ਸੂਰੇ ਗੜਕਣ
ਚੜ ਤੋਪਾਂ ਗੱਡੀ ਢੁੱਕੀਆ ਲੱਖ ਸੰਗਲ ਖੜਕਣ
ਓਹ ਦਾਰੂ ਖਾਂਦੀਆਂ ਕੋਹਲੀਆ , ਮਣ ਗੋਲੇ ਰੜਕਣ
ਓਹ ਦਾਗ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ

ਵੀਰ ਰਸ[ਸੋਧੋ]

ਜਿਥੇ ਯੁੱਧ . ਦਾਨ , ਧਰਮ ਆਦਿ ਦੇ ਸੰਬੰਧ ਵਿਚ ਉਤਸ਼ਾਹ ਦੀ ਪ੍ਰਤੱਖ ਰੂਪ ਵਿਚ ਪੁਸ਼ਟੀ ਹੁੰਦੀ ਹੋਵੇ ਉਥੇ ਵੀਰ ਰਸ ਹੁੰਦਾ ਹੈ । ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੈ ਇਸ ਦੇ ਚਾਰ ਭੇਦ ਹੁੰਦੇ ਹਨ ਦਾਨਵੀਰ , ਯੁੱਧਵੀਰ , ਦਇਆ ਵੀਰ, ਧਰਮਵੀਰ . ਜਿਵੇਂ

ਡੇਲੇ ਫਰਕਦੇ ਪਏ ਨੇ ਅੱਜ ਮੇਰੇ
ਜ਼ੋਸ਼ ਨਾਲ ਪਈ ਕੰਬਦੀ ਜਾਨ ਮੇਰੀ
ਜੀਭਾਂ ਕੱਢਦੇ ਪਏ ਨੇ ਤੀਰ ਗਿੱਠ ਗਿੱਠ
ਪਈ ਆਕੜਾਂ ਭੰਨਦੀ ਕਮਾਨ ਮੇਰੀ

ਸ਼ਾਂਤ ਰਸ[ਸੋਧੋ]

ਸ਼ਾਂਤ ਰਸ ਨੂੰ ਬਾਕੀ ਰਸਾਂ ਵਿਚ ਗਿਣਿਆਂ ਨਹੀਂ ਜਾਂਦਾ ਆਚਾਰੀਆ ਵਿਸ਼ਵਨਾਥ ਇਸਨੂੰ ਯੋਗ ਸਥਾਨ ਦਿੰਦਾ ਹੈ ਸੰਸਾਰਿਕ ਅਸਥਿਰਤਾ ਕਾਰਨ ਮਨ ਵਿਚ ਜਦੋਂ ਵੈਰਾਗ ਪੈਦਾ ਹੁੰਦਾ ਹੈ ਉਥੇ ਸ਼ਾਂਤ ਰਸ ਦੀ ਸਥਿਤੀ ਮੰਨੀ ਜਾਂਦੀ ਹੈ ਜਿਵੇਂ

ਕਹਾ ਮਨ , ਬਿਖਿਆਨ ਸਿਉ ਲਪਟਾਹੀ
ਯਾ ਜਗੁ ਮੈ ਕੋਉ ਰਹਨੁ ਨਪਾਵੈ
ਇਕਿ ਆਵਹਿ ਇਕਿ ਜਾਹੀ
ਕਾਕੋ ਤਨ ਧਨ ਸੰਪਤਿ ਕਾਕੀ

ਹਵਾਲੇ[ਸੋਧੋ]

  1. ਮੰਮਟ. ਕਾਵਿ ਪ੍ਰਕਾਸ਼. 
  2. ਭਾਰਦਵਾਜ, ਡਾ. ਓਮ ਪ੍ਰਕਾਸ਼ (1997). ਰਸ ਗੰਗਾਧਰ. ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ. p. 30. 
  3. ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ ਸਿੰਘ (2012). ਭਾਰਤੀ ਕਾਵਿ ਸ਼ਾਸਤਰ. ਮਦਾਨ ਪਬਲੀਕੇਸ਼ਨਜ਼, ਪਟਿਅਾਲਾ. pp. 56–66. 
  4. ਭਾਰਦਵਾਜ, ਡਾ. ਓਮ ਪ੍ਰਕਾਸ਼ (1997). ਰਸ ਗੰਗਾਧਰ. ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ. 
  5. ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ ਸਿੰਘ (2012). ਭਾਰਤੀ ਕਾਵਿ ਸ਼ਾਸਤਰ. ਮਦਾਨ ਪਬਲੀਸ਼ਰਜ਼, ਪਟਿਅਾਲਾ. p. 75. 
  6. ਸਿੱਧੂ, ਤੇਜਿੰਦਰ ਸਿੰਘ. ਰਸ ਸਿਧਾਂਤ ਦੇ ਪ੍ਰਸੰਗ ਵਿੱਚ ਅਾਧੁਨਿਕ ਪੰਜਾਬੀ ਕਵਿਤਾ ਦਾ ਅਧਿਅੈਨ. pp. 101–112.